ਸਿਰ ਘਟਦੇ ਵਧਦੇ ਰਹਿੰਦੇ ਹਨ, ਜੁੜਨੇ ਚਾਹੀਦੇ ਹਨ

ਐੱਸ ਪੀ ਸਿੰਘ

ਐੱਸ ਪੀ ਸਿੰਘ

ਕੁਝ ਸਿਰ ਮੁਤਾਲਬਾ ਕਰਨ ਤਾਂ ਹਾਕਮ ਝੱਟ ਗੱਲ ਸੁਣੇ, ਇੰਜ ਤੰਤਰ ਨਾਲ ਗਣ ਜੁੜਿਆ ਰਹਿੰਦਾ ਹੈ।

ਕਿਸੇ ਜਿਊਂਦੇ ਜਾਗਦੇ ਧੜਕਦੇ ਲੋਕਤੰਤਰ ਵਿੱਚ ਇੱਕ ਮੋਟੀ ਸਾਰੀ ਸਪੱਸ਼ਟ ਲਕੀਰ ਹੋਣੀ ਜ਼ਰੂਰੀ ਹੁੰਦੀ ਹੈ – ਮਨੁੱਖਤਾ ਦਾ ਕਿੰਨਾ ਵੱਡਾ ਹਿੱਸਾ, ਕਿੰਨੀ ਖ਼ਲਕਤ, ਕਿੰਨੇ ਸਿਰ ਕੋਈ ਮੁਤਾਲਬਾ ਕਰਨ ਤਾਂ ਹਾਕਮ ਕੰਨ ਧਰਦਾ ਹੈ, ਗੱਲ ਸੁਣਦਾ ਹੈ, ਅੜੀ ਤੋਂ ਟਲਦਾ ਹੈ? ਇਹ ਹਕੂਮਤ ਦੇ ਇਖ਼ਲਾਕ ਦੀ ਲਕੀਰ ਹੁੰਦੀ ਹੈ।

ਜੇ ਸਾਰੇ ਫ਼ੈਸਲੇ ਸਿਰਫ਼ ਅਤੇ ਸਿਰਫ਼ ਸਿਰਾਂ ਦੀ ਗਿਣਤੀ ਦੇ ਆਧਾਰ ’ਤੇ ਹੀ ਹੋਣੇ ਸ਼ੁਰੂ ਹੋ ਜਾਣ ਤਾਂ ਦੇਸ਼ ਦਾ ਪ੍ਰਸ਼ਾਸਨ ਸਿਰਫ਼ ਮੁਣਸ਼ੀਪੁਣੇ ਤੱਕ ਮਹਿਦੂਦ ਹੋ ਜਾਵੇਗਾ। ਫਿਰ ਸਾਨੂੰ ਲੋਕਤੰਤਰ ਨਹੀਂ, ਇੱਕ ਚੰਗਾ ਸੌਫਟਵੇਅਰ ਦਰਕਾਰ ਹੋਵੇਗਾ ਜਿੱਥੇ ਲੋਕ ਮੋਬਾਈਲ ਉੱਤੇ ਹੀ ਅੰਗੂਠਾ ਨੱਪ ਦਿਆ ਕਰਨ ਕਿ ਕਿਹੜਾ ਕਾਨੂੰਨ ਠੀਕ ਹੈ, ਕਿਹੜਾ ਗਲਤ? ਉਸੇ ਮੁਤਾਬਿਕ ਦੇਸ਼ ਚਲਿਆ ਕਰੇਗਾ।

kashmir

ਚੰਗੇ ਭਾਗੀਂ ਲੋਕਤੰਤਰ ਦੇ ਸੰਕਲਪ ਵਿੱਚ ਹੀ ਗਿਣਤੀ ਤੋਂ ਕਿਤੇ ਵਧੇਰੇ ਮਹੱਤਵ ਇਖ਼ਲਾਕ ਵਾਲੀ ਉਸ ਲਕੀਰ ਦਾ ਹੁੰਦਾ ਹੈ। ਹੋਰ ਵੀ ਚੰਗੇ ਭਾਗੀਂ ਵਿਦੇਸ਼ੀ ਹਾਕਮਾਂ ਨਾਲ ਸਾਡੇ ਲੰਮੇ ਸੰਘਰਸ਼ ਵਿੱਚੋਂ ਅਸਾਂ ਇਹ ਵੀ ਸਿੱਖਿਆ ਹੈ ਕਿ ਇਹ ਇਖ਼ਲਾਕੀ ਲਕੀਰ ਆਦਰਸ਼ ਹਾਲਾਤ ਵਿਚ ਬਹੁਤ ਬਰੀਕ ਹੋਣੀ ਚਾਹੀਦੀ ਹੈ।

ਭਾਵੇਂ ਬਹੁਗਿਣਤੀ ਇਕ ਹੀ ਵਿਚਾਰ ਨੂੰ ਪ੍ਰਣਾਈ ਹੋਵੇ, ਕਿਸੇ ਮਾਮੂਲੀ ਜਿਹੀ ਘੱਟਗਿਣਤੀ ਦੇ ਹੱਕ-ਹਕੂਕ ਵੀ ਓਨੇ ਹੀ ਸੁਰੱਖਿਅਤ ਹੋਣਗੇ ਜਿੰਨੇ ਕਿਸੇ ਬਲਵਾਨ ਦੇ। ਅਤਿ-ਕਮਜ਼ੋਰ ਦੀ ਭਾਵਨਾ ਦਾ ਵੀ ਓਨਾ ਹੀ ਸਤਿਕਾਰ ਹੋਵੇਗਾ ਜਿੰਨਾ ਕਿਸੇ ਡਾਹਢੇ ਦੀ ਮਰਜ਼ੀ ਦਾ। ਜੇ ਧੱਕੇ ਵਾਲੀ ਸਥਿਤੀ ਬਣੀ ਤਾਂ ਫਿਰ ਕਮਜ਼ੋਰ ਨਾਲ ਖੜ੍ਹੇ ਹੋਣਾ ਇਖ਼ਲਾਕੀ ਤੌਰ ’ਤੇ ਆਇਦ ਹੋਵੇਗਾ।

ਸੱਤ ਦਹਾਕਿਆਂ ਦੇ ਗਣਤੰਤਰੀ ਪ੍ਰਬੰਧ ਨੇ ਭਾਵੇਂ ਇਖ਼ਲਾਕੀ ਲਕੀਰ ਦੀ ਬਰੀਕੀ ਜਾਂ ਮੋਟਾਈ ਬਾਰੇ ਮੁਲਕ ਵਿਚ ਕੋਈ ਮਹੀਨ ਜ਼ਹੀਨ ਸੋਚ ਨਹੀਂ ਬਣਾਈ, ਪਰ ਸਿਰਾਂ ਦੀ ਗਿਣਤੀ ਵਿਚ ਸਾਡੇ ਵਿਸ਼ਵਾਸ ਨੂੰ ਪ੍ਰਪੱਕ ਜ਼ਰੂਰ ਕੀਤਾ ਹੈ। ਅਸੀਂ ਸਿਰ ਗਿਣਦੇ ਹਾਂ। ਸਾਡਾ ਰਾਜਨੀਤਕ ਤੰਤਰ, ਰਾਜਸੀ ਪਾਰਟੀਆਂ, ਕੁਲੀਨ ਵਰਗ ਅਤੇ ਕੁੱਲ ਇੰਤਜ਼ਾਮੀਆ ਘੱਟੋ-ਘੱਟ ਇਹ ਵਿਸ਼ਵਾਸ ਤਾਂ ਰੱਖਦਾ ਹੈ ਕਿ ਸੱਤਾ ਸਿਰਾਂ ਦੀ ਗਿਣਤੀ ਵਿੱਚ ਨਿਵਾਸ ਕਰਦੀ ਹੈ। ਵੱਧ ਤੋਂ ਵੱਧ ਸਿਰ ਉਹਦੇ ਪਾਲੇ ਵਿਚ ਹੋਣ, ਇਹਦੇ ਲਈ ਹਰ ਰਾਜਸੀ ਸ਼ਕਤੀ ਹਰ ਹੀਲਾ ਵਰਤਦੀ ਹੈ।

ਪਹਿਲੂ ਖ਼ਾਨ

ਹਾਕਮ ਸਿਰਾਂ ਦਾ ਵੱਡਾ ਹਿਸਾਬੀ ਕਿਤਾਬੀ ਹੈ। ਕਿਸੇ ਮੁਹੰਮਦ ਅਖ਼ਲਾਕ਼ ਦਾ, ਕਿਸੇ ਪਹਿਲੂ ਖ਼ਾਨ ਦਾ ਇੱਕ ਸਿਰ ਕੁਰਬਾਨ ਕਰ ਦਿੱਤਾ ਜਾਵੇ ਤਾਂ ਕਿੰਨੇ ਸਿਰ ਤੁਹਾਡੀ ਈਵੀਐਮ ਦੀ ਟੀਂ ਟੀਂ ਵਾਰ ਵਾਰ ਵਜਾਉਂਦੇ ਹਨ, ਜਾਣਦਾ ਹੈ। ਸਿੰਘੂ ਟੀਕਰੀ ‘ਤੇ ਜੁੜੇ ਸਿਰਾਂ ਨੂੰ ਜੇ ਕਰ ਦਿੱਤਾ ਜਾਵੇ ਅਣਗੌਲਿਆਂ, ਦੇਸ਼ ਨੂੰ ਦੱਸਿਆ ਜਾਵੇ ਕਿ ਇਹਨਾਂ ਹੀ ਹੈ ਕੀਤੀ ਬੇਹੁਰਮਤੀ ਕਿਸੇ ਪਰਚਮ ਦੀ, ਤਾਂ ਕਿੰਨੇ ਸਿਰਾਂ ਵਿੱਚ ਪੈ ਜਾਵੇਗੀ ਕੋਈ ਦਲੀਲ ਭਗਵੇ ਰੰਗ ਦੀ?

ਇਹਨਾਂ ਲਘੁੱਤਮ ਮਹੱਤਮ ਦੇ ਔਖੇ ਸਵਾਲਾਂ ਦਾ ਹੈ ਸ਼ਾਹ ਅਸਵਾਰ ਉਹ। ਤੁਸੀਂ ਗੋਡਿਆਂ ਵਿਚ ਸਿਰ ਦੇ ਕੇ ਬੈਠ ਜਾਵੋਗੇ, ਪਰ ਉਹ ਕਰਦਾ ਹੈ ਏਧਰਲੇ ਓਧਰਲੇ ਸਿਰਾਂ ਦੀ ਗਿਣਤੀ ਦਿਨ ਰਾਤ – ਮਾਡਲ ਹੈ ਇਹ ਮੇਡ ਇਨ ਗੁਜਰਾਤ, ਪਰ ਇਹਦੇ ਰੂਪ ਅਸਾਂ ਪਹਿਲੋਂ ਵੇਖੇ ਸੀ ਸੋਹਣੇ ਪੰਜਾਬ ‘ਚ ਵੀ। ਚੁਰਾਸੀ ‘ਚ ਕੁੱਝ ਸਿਰਾਂ ਦੁਆਲੇ ਪਾ ਕੇ ਟਾਇਰ ਬਲਦੇ, ਕਿੰਨੇ ਸਾਰੇ ਸਿਰਾਂ ਨੇ ਇੱਕ ਪਾਸੇ ਸੀ ਪਾਈ ਵੋਟ। ਕਿੱਡਾ ਕੁ ਆ ਗਿਆ ਇਸ ਨਾਲ ਸਿਆਸਤ ‘ਚ ਉਹਦੀ ਖੋਟ?

ਸਰਕਾਰ ਦੇ ਕਿਸੇ ਕਦਮ ਤੋਂ ਨਿਰਾਸ਼ ਖ਼ਲਕਤ ਹੁਣ ਜਾਣਦੀ ਹੈ ਕਿ ਉਹਦੇ ਬਿਆਨੀਏ ਵਿੱਚ ਕਿੰਨੀ ਵੀ ਦਲੀਲ ਹੋਵੇ, ਉਹਦੀ ਦਲੀਲ ਵਿੱਚ ਕਿੰਨਾ ਵੀ ਸਤਿ ਹੋਵੇ, ਉਹਦੇ ਸਤਿ ਦੀ ਕਿੰਨੀ ਵੀ ਇੰਤਹਾ ਹੋਵੇ, ਹੁਣ ਬਾਤ ਸਿਰਾਂ ਦੀ ਗਿਣਤੀ ਨਾਲ ਹੀ ਬਣਦੀ ਹੈ। ਇਸ ਲਈ ਹੁਣ ਸਿਰ ਜੋੜ ਕੇ ਬੈਠਣਾ ਹੀ ਕਾਫ਼ੀ ਨਹੀਂ, ਜੋੜ-ਜੋੜ ਕੇ ਸਿਰ ਇਕੱਠੇ ਕਰਨੇ ਪੈਂਦੇ ਹਨ।

ਸਿਰ ਬਹੁਤ ਸਾਰੇ ਸਿਰ ਸਿੰਘੂ-ਟੀਕਰੀ ’ਤੇ ਜੁੜ ਜਾਣ ਤਾਂ ਕਿਸੇ ਦੇ ਸਿਰ ਵਿੱਚ ਗੱਲ ਪੈਂਦੀ ਹੈ ਕਿ ਕੋਈ ਗੱਲ ਹੈ, ਇਨ੍ਹਾਂ ਦੀ ਵਾਤ ਪੁੱਛੀਏ। ਤਾਂ ਜਾ ਕੇ ਇਨ੍ਹਾਂ ਕਾਵਾਂਰੌਲੀ ਵਾਲੇ ਸਮਿਆਂ ਵਿੱਚ ਟੀਵੀ ਉੱਤੇ, ਅਖ਼ਬਾਰਾਂ ਦੀਆਂ ਸੁਰਖੀਆਂ ਵਿਚ, ਸੱਤਾ ਦੇ ਗਲਿਆਰਿਆਂ ਵਿਚ ਕੋਈ ਬਾਤ ਪੈਂਦੀ ਹੈ।

ਅਚਾਨਕ ਕੋਈ ਵਾਵਰੋਲਾ ਆ ਜਾਵੇ, ਇੱਕ ਜਥਾ ਰਸਤਾ ਭਟਕ ਜਾਵੇ, ਕੋਈ ਹਫੜਾ-ਦਫੜੀ ਮੱਚ ਜਾਵੇ ਤੇ ਬਹੁਤ ਸਾਰੇ ਸਿਰ ਕਿਸੇ ਵਰਦੀ ਜਾਂ ਵਰ੍ਹਦੀ ਹਕੂਮਤ ਦੇ ਡਰੋਂ ਜਾਂ ਉਚਾਟ ਹੋ ਕੇ ਆਪਣੇ ਸ਼ਾਹਰਾਹ ’ਤੇ ਗੱਡੇ ਤੰਬੂਆਂ ਤੋਂ ਟੁਰ ਪੈਣ ਤਾਂ ਸਾਰੀ ਦਲੀਲ ਰੁਲ ਜਾਂਦੀ ਹੈ। ਦਲੀਲ ਵਿਚਲੇ ਸਤਿ ਦੀ ਸ਼ਿੱਦਤ ਸਿਰਾਂ ਦੀ ਗਿਣਤੀ ਨਾਲ ਮਨਸੂਬ ਕਰ ਦਿੱਤੀ ਜਾਂਦੀ ਹੈ। ਸਿਰ ਘਟਦਿਆਂ ਹੀ ਖ਼ਬਰਾਂ ਆਉਣ ਲੱਗ ਪੈਂਦੀਆਂ ਹਨ ਕਿ ਦਲੀਲ ਕਮਜ਼ੋਰ ਹੋ ਗਈ ਹੈ।

ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ

ਅਸੀਂ ਬੀਤੇ ਹਫ਼ਤੇ ਇਹ ਕੌਤਕ ਅੱਖਾਂ ਸਾਹਵੇਂ ਵਾਪਰਦਾ ਵੇਖਿਆ। ਹੁਣ ਇਹ ਸਮਝ ਲਗਭਗ ਅਖਾਣ ਵਾਲੇ ਮੁਕਾਮ ਤੱਕ ਅਪੜ ਚੁੱਕੀ ਹੈ ਕਿ ਸਿਆਸਤ ਸੰਭਾਵਨਾਵਾਂ ਦੀ ਖੇਡ ਹੁੰਦੀ ਹੈ। ਸਿਰਾਂ ਦੇ ਘਟ ਜਾਣ ਨਾਲ ਨਵੀਆਂ ਸੰਭਾਵਨਾਵਾਂ ਉਤਪੰਨ ਹੋ ਸਕਦੀਆਂ ਸਨ। ਚੌਕਾਂ ਉੱਤੇ ਤਿਰੰਗੇ ਚੁੱਕ ਅਚਾਨਕ ਨਵੇਂ ਨਵੇਂ ਮੋਮਨ ਉਮੜ ਆਏ ਸਨ, ਝੰਡੇ ਦੀ ਸ਼ਾਨ ਬਾਰੇ ਸਭ ਤੋਂ ਉੱਚੀ ਬਾਂਗ ਦੇ ਰਹੇ ਸਨ।

ਚਾਣਚੱਕ ਕਿਸੇ ਦਾ ਰੋਣ ਨਿਕਲ ਗਿਆ। ਸਤਿ ਮਿੱਧਦਾ ਵੇਖ ਗਲਾ ਭਰ ਆਇਆ ਤਾਂ ਹਜ਼ਾਰਾਂ ਸਿਰਾਂ ਨੇ ਮੁੜ ਕੇ ਵੇਖਿਆ। ਬਸ ਫੇਰ ਉਨ੍ਹਾਂ ਮੁੜ ਕੇ ਨਹੀਂ ਵੇਖਿਆ, ਅੱਖਾਂ ਪੂੰਝਣ ਉਮੜ ਪਏ। ਸਿਰ ਫਿਰ ਜੁੜਨ ਲੱਗੇ। ਦੂਰ ਤਕ ਇਹ ਸੁਨੇਹਾ ਗਿਆ – ਸਿਰ ਜੇ ਥੁੜ੍ਹਨ ਲੱਗੇ! ਵਹੀਰਾਂ ਫਿਰ ਟੁਰੀਆਂ, ਸਿਰਾਂ ਦਾ ਹੜ੍ਹ ਆ ਗਿਆ। ਨਵੇਂ ਮੋਮਨ ਡੰਡਿਆਂ ਨੂੰ ਦੁਬਾਰਾ ਝੰਡਿਆਂ ਵਿੱਚ ਫਸਾ ਇਉਂ ਗਾਇਬ ਹੋਏ ਜਿਵੇਂ ਕਿਸੇ ਦੇ ਸਿਰ ਤੋਂ ਸਿੰਙ। ਜਿੱਥੇ ਕਦੀ ਕੋਈ ਫਿਸ ਪਿਆ ਸੀ, ਉੱਥੇ ਨਗਰ ਫਿਰ ਵਸ ਗਿਆ। ਗਾਜ਼ੀਪੁਰ ਸਜ ਗਿਆ। ਸਿੰਘੂ-ਟੀਕਰੀ ਵੀ ਬਹਾਰ ਪਰਤੀ।

ਪਰ ਕਿਸੇ ਗਣਤੰਤਰੀ ਲੋਕਤੰਤਰ ਦੀ ਪਰਖ ਹੁੰਦੀ ਹੈ ਕਿ ਉਹ ਇਖ਼ਲਾਕ ਵਾਲੀ ਲਕੀਰ ਪ੍ਰਤੀ ਕਿੰਨਾ ਸੰਜੀਦਾ ਹੈ। ਜੇ ਇੱਕ ਨੂੰ ਪੀੜ ਹੋਵੇ ਤਾਂ ਸਾਰਾ ਤੰਤਰ ਜਾਗ ਜਾਵੇ – ਇਹ ਆਦਰਸ਼ ਹੈ। ਜੇ ਬਹੁਤ ਸਾਰੇ ਸਿਰ ਚੱਲ ਕੇ ਬਰੂਹਾਂ ’ਤੇ ਆ ਜਾਣ ਪਰ ਹਾਕਮ ਨੂੰ ਫ਼ਰਕ ਨਾ ਪਵੇ ਕਾਈ ਤਾਂ ਫਿਰ ਸਮਝੋ ਇਖ਼ਲਾਕ ਵਾਲੀ ਚੂਲ ਹਿੱਲ ਚੁੱਕੀ ਹੈ।

ਸਿਰਾਂ ਦੀ ਗਿਣਤੀ ਸੱਤਾ ਦੇ ਮੁਨਸ਼ੀਆਂ ਲਈ ਮਹੱਤਵ ਰੱਖਦੀ ਹੈ। ਘੁਲਾਟੀਆਂ ਨੂੰ ਇਹਦੇ ਉੱਤੇ ਬਾਕਾਇਦਾ ਨਜ਼ਰ ਰੱਖਣੀ ਚਾਹੀਦੀ ਹੈ। ਪਰ ਇਸ ਤੋਂ ਵੀ ਵਧੇਰੇ ਨਜ਼ਰ ਇਸ ਤੇ ਰੱਖਣੀ ਦਰਕਾਰ ਹੈ ਕਿ ਸਿਰਾਂ ਦੇ ਅੰਦਰ ਕੀ ਹੈ?

ਭਾਈ ਤਾਰੂ ਸਿੰਘ

ਭਾਈ ਤਾਰੂ ਸਿੰਘ ਦਾ ਇੱਕ ਹੀ ਸੀ ਸਿਰ, ਬਸ ਝੁਕਣੋਂ ਸੀ ਇਨਕਾਰੀ। ਇਸੇ ਲਈ ਖੋਪੜੀ ਤੇ ਚੱਲੀ ਆਰੀ, ਪਰ ਗੁਰੂ ਨਾਲੋਂ ਨਾ ਟੁੱਟੀ ਯਾਰੀ। ਚਾਲ੍ਹੀ ਸਿਰਾਂ ਦਾ ਧਿਆਨ ਧਰ ਅੱਜ ਵੀ ਖਿਦਰਾਣੇ ਦੀ ਢਾਬ ਨੂੰ ਸਿਜਦਾ ਕਰਦਾ ਹੈ ਸੰਸਾਰ, ਬੇਦਾਵੇ ਪੜਵਾਉਣ ਲਈ ਦੇਣੇ ਪੈਂਦੇ ਹਨ ਸਿਰ, ਹੋ ਜਾਂਦੀ ਹੈ ਧਰਤੀ ਮੁਕਤਸਰ।

ਗਿਣਨੇ ਹੀ ਹਨ ਜੇ ਤਾਂ ਫਿਰ ਹਾਕਮ ਹੁਣ ਮਿੱਥ ਕੇ ਹੀ ਦੱਸ ਦੇਵੇ ਕਿ ਕਿੰਨੇ ਸਿਰ ਕਿਸੇ ਮੁੱਦੇ ’ਤੇ ਇਕ ਰਾਏ ਹੋ ਜਾਣ ਤਾਂ ਉਹ ਆਪਣੇ ਕੀਤੇ ’ਤੇ ਨਜ਼ਰਸਾਨੀ ਕਰੇਗਾ? ਜਾਂ ਕੀ ਹੁਣ ਅਸੀਂ ਸਿਰਾਂ ਦੀ ਗਿਣਤੀ ਵਾਲੇ ਮੁਨਸ਼ੀਪੁਣੇ ਤੋਂ ਵੀ ਹੀਣੇ ਲੋਕਤੰਤਰ ਦੇ ਵਾਸੀ ਹੋ ਗਏ ਹਾਂ?

ਸਿਰਾਂ ਦੀ ਗਿਣਤੀ ਤਾਂ ਲੋਕਤੰਤਰ ਦੀ ਆਖ਼ਰੀ ਚੂਲ ਹੁੰਦੀ ਹੈ। ਜੇ ਸਿਰਾਂ ਦੇ ਹੜ੍ਹ ਦੇ ਬਾਵਜੂਦ ਹਕੂਮਤੀ ਸੋਚ ਦਾ ਨੱਕਾ ਨਹੀਂ ਟੁੱਟਦਾ ਤਾਂ ਫਿਰ ਤੰਤਰ ਉਨ੍ਹਾਂ ਲਈ ਮੌਕਾ ਪੈਦਾ ਕਰਦਾ ਹੈ ਜਿਹੜੇ ਉਹਦੀ ਨੱਕ ਭੰਨਣ ਦਾ ਬਿਆਨੀਆ ਜੇਬ ਵਿੱਚ ਪਾਈ ਫਿਰਦੇ ਹਨ।

tide

ਜਦੋਂ ਲਕੀਰਾਂ ਖਿੱਚੀਆਂ ਜਾਣ ਤਾਂ ਸਾਂਝ ਦੇ ਚਿੰਨ੍ਹ ਸਾਡੀਆਂ ਆਪਸੀ ਤੰਦਾਂ ਨੂੰ ਕਾਇਮ ਰੱਖਣ ਦੇ ਕੰਮ ਆਉਣੇ ਚਾਹੀਦੇ ਹਨ।

ਸਾਡੇ ਲੋਕਤੰਤਰ ਦੇ ਅਦਾਰਿਆਂ ਉੱਤੇ ਝੂਲਦੇ ਤਿਰੰਗੇ ਅਤੇ ਉਨ੍ਹਾਂ ਅਦਾਰਿਆਂ ਵੱਲੋਂ ਲਏ ਫ਼ੈਸਲਿਆਂ ਖ਼ਿਲਾਫ਼ ਜੂਝਦੀਆਂ ਭੀੜਾਂ ਦੇ ਹੱਥਾਂ ਵਿੱਚ ਫੜੇ ਤਿਰੰਗੇ ਆਪੋ ਵਿੱਚ ਇੱਕ ਘੱਟੋ-ਘੱਟ ਸੂਝ ਦਾ ਨਿਰਮਾਣ ਕਰਦੇ ਹਨ – ਹੋ ਤੁਸੀਂ ਵੀ ਦੇਸ਼ ਦੇ, ਹਾਂ ਅਸੀਂ ਵੀ ਦੇਸ਼ ਲਈ। ਬਾਕੀ ਹਜ਼ਾਰ ਵਖਰੇਵੇਂ ਹੋਣਗੇ, ਪਰ ਲੜਾਈ ਹੈ ਸਾਰੀ ਇਹਦੀ ਆਨ ਬਾਨ ਸ਼ਾਨ ਲਈ।

ਜ਼ਮੀਨ ਕਿਸਾਨ ਕੋਲ ਰਹੇਗੀ, ਕਵਾਨੀਨ ਵਾਪਸ ਹੋਣਗੇ, ਮਜ਼ਦੂਰ ਨੂੰ ਪੂਰੀ ਉਜਰਤ ਮਿਲੇਗੀ, ਹਾਸ਼ੀਏ ’ਤੇ ਧੱਕੇ ਮਿਹਨਤਕਸ਼ ਗ਼ਰੀਬ ਨੂੰ ਬਣਦਾ ਸਤਿਕਾਰ ਦਿਓਗੇ ਤਾਂ ਝੰਡੇ ਦੀ ਸ਼ਾਨ ਵਧੇਗੀ। ਪਰ ਜੇ ਇੱਕ ਧਿਰ ਇਸ ਸਾਂਝ ਦੇ ਨਿਸ਼ਾਨ ਨੂੰ ਜੁਗਤੀਪੂਰਨ (tactical) ਹਥਿਆਰ ਬਣਾ ਦੇਵੇ, ਝੰਡੇ ਉੱਤੇ ਇੱਕ ਖਿਆਲ ਦਾ ਏਕਾਧਿਕਾਰ ਜਤਾ ਦੇਵੇ, ਝੰਡਿਆਂ ਮਲੂਕ ਵਿੱਚ ਮੋਟੇ ਡੰਡੇ ਫਸਾ ਇੱਕ ਭੀੜ ਨੂੰ ਭੇਜੇ ਤਾਂ ਜੋ ਬਰੂਹਾਂ ’ਤੇ ਵਸੇ ਕਿਸੇ ਨਗਰ ਵਿੱਚੋਂ ਸਿਰ ਘਟਾਏ ਜਾ ਸਕਣ ਤਾਂ ਤਿਰੰਗੇ ਪ੍ਰਤੀ ਸਮਰਪਣ ਦੇ ਹਕੂਮਤੀ ਦਾਅਵੇ ਦਾ ਕੀ ਬਚਦਾ ਹੈ? ਜੋੜਨ ਵਾਲੇ ਝੰਡੇ ਵਿੱਚੋਂ ਤੋੜਨ ਵਾਲਾ ਡੰਡਾ ਕੱਢ ਕੇ ਤੁਸੀਂ ਸਿਰਫ਼ ਗਣਤੰਤਰ ਦਾ ਹੀ ਸਿਰ ਫਾੜ ਸਕਦੇ ਹੋ।

ਇਹ ਵੀ ਪੜ੍ਹੋ : ਕਿਹੜੀ ਕਿਹੜੀ ਜਿੱਤ ਪ੍ਰਾਪਤ ਹੋਈ ਹੈ ਇਸ ਗੱਲਬਾਤ ਤੋਂ?

ਸਾਡਾ ਲੋਕਤੰਤਰ ਹਾਲੇ ਨਵਾਂ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਿੱਚ ਵੀ ਝੰਡੇ ਦੀ ਮਰਿਆਦਾ ਨੂੰ ਲੈ ਕੇ ਵੱਡੀਆਂ ਲੜਾਈਆਂ ਬਹਿਸਾਂ ਚੱਲੀਆਂ। ਅੰਤ ਲੜਾਈ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਪਹੁੰਚੀ। ਦਲੀਲਾਂ ਦਿੱਤੀਆਂ ਗਈਆਂ ਕਿ ਕਿਵੇਂ ਕਿਸੇ ਨੇ ਝੰਡੇ ਦੀ ਬੇਹੁਰਮਤੀ ਕੀਤੀ, ਇਹਨੂੰ ਜਨਤਕ ਤੌਰ ’ਤੇ ਸਾੜਿਆ ਗਿਆ ਅਤੇ ਇੰਝ ਪੂਰੇ ਰਾਸ਼ਟਰ ਦੀ ਹੱਤਕ ਹੋਈ ਹੈ, ਦੇਸ਼ ਦੇ ਮਾਣ-ਸਨਮਾਨ ਨੂੰ ਸੱਟ ਵੱਜੀ ਹੈ।

ਸਿਰਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ: ਕਿਉਂ ਜੋ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਵਿਚਾਰ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਇਸ ਲਈ ਝੰਡੇ ਨੂੰ ਸਾੜ ਕੇ ਵਿਰੋਧ ਪ੍ਰਗਟ ਕਰਨ ਵਾਲੇ ਵਰਤਾਰੇ ਨੂੰ ਵੀ ਸੰਵਿਧਾਨ ਦੀ ਸੁਰੱਖਿਆ ਪ੍ਰਾਪਤ ਹੈ। ਬੜਿਆਂ ਕਿਹਾ ਇਹ ਕਿਵੇਂ ਹੋ ਸਕਦਾ ਹੈ? ਝੰਡਾ ਤਾਂ ਦੇਸ਼ ਦਾ ਗੌਰਵ ਹੈ।

ਜੱਜਾਂ ਦੇ ਟੈਕਸਾਸ ਬਨਾਮ ਜੌਹਨਸਨ (Texas Vs Johnson, 1989) ਵਾਲੇ ਫ਼ੈਸਲੇ ਦੀ ਇਸ ਟੂਕ ਤੋਂ ਕਾਨੂੰਨ ਦਾ ਹਰ ਵਿਦਿਆਰਥੀ ਵਾਕਿਫ ਹੈ- ‘‘ਇਹ ਬੁਨਿਆਦੀ ਨੁਕਤਾ ਹੈ ਕਿ ਇਹ ਝੰਡਾ ਉਨ੍ਹਾਂ ਦੀ ਵੀ ਰੱਖਿਆ ਕਰੇਗਾ ਜਿਹੜੇ ਇਸ ਪ੍ਰਤੀ ਹਿਕਾਰਤ ਰੱਖਦੇ ਹਨ।’’

ਸਮਾਂ ਬੀਤਿਆ। 26 ਸਾਲਾਂ ਬਾਅਦ 2015 ਵਿੱਚ ਕਿਸੇ ਨੇ ਇੱਕ ਦਿਨ ਉਸ ਫ਼ੈਸਲੇ ਵਿੱਚ ਸ਼ਰੀਕ ਰਹੇ ਜਸਟਿਸ ਐਂਟੋਨਿਨ ਸਕਾਲੀਆ ਨੂੰ ਪੁੱਛਿਆ ਕਿ ਤੁਸੀਂ ਇਹ ਫ਼ੈਸਲਾ ਕਿਵੇਂ ਦੇ ਸਕਦੇ ਸੀ?

ਇਹ ਵੀ ਪੜ੍ਹੋ : ਨੌਜਵਾਨ, ਗ਼ੈਰਸਮਾਜੀ ਅਨਸਰ ਅਤੇ ਯੂਨੀਅਨ ਲੀਡਰਾਂ ਦੇ ਭਗਤ

ਉਨ੍ਹਾਂ ਆਪਣੇ ਮਨ ਕੀ ਬਾਤ ਕਹਿ ਦਿੱਤੀ- “ਮੇਰਾ ਵੱਸ ਚੱਲੇ ਤਾਂ ਹਰ ਉਸ ਬੇਵਕੂਫ਼ ਨੂੰ ਜਿਹੜਾ ਝੰਡੇ ਦੀ ਬੇਹੁਰਮਤੀ ਕਰੇ, ਜੇਲ੍ਹ ਵਿੱਚ ਸੁੱਟ ਦਿਆਂ ਪਰ ਮੈਂ ਕੋਈ ਮਹਾਰਾਜਾ ਨਹੀਂ।” ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਅਦਾਲਤ ਦਾ ਉਹ ਸਿਰਫ਼ ਸਭ ਤੋਂ ਸ਼ਕਤੀਸ਼ਾਲੀ ਜੱਜ ਹੀ ਤਾਂ ਸੀ। ਸੰਵਿਧਾਨ ਤੋਂ ਉੱਚਾ ਨਹੀਂ ਸੀ ਹੋ ਸਕਦਾ।

mediaਸੰਵਿਧਾਨ ਨਾਗਰਿਕ ਦੇ ਵਿਚਾਰ ਪ੍ਰਗਟਾਵੇ ਦੇ ਅਧਿਕਾਰ ਦੀ ਪੱਕੀ ਜਾਮਨੀ ਦੇਂਦਾ ਹੈ। ਝੰਡਾ ਮਲੂਕ ਨਹੀਂ, ਇਹ ਤਾਂ ਏਨਾ ਬੁਲੰਦ ਹੈ ਕਿ ਇਹਦੀ ਬੇਹੁਰਮਤੀ ਕਰਨ ਵਾਲੇ ਦੀ ਵੀ ਰੱਖਿਆ ਕਰਨ ਦੇ ਸਮਰੱਥ ਹੈ। ਜਸਟਿਸ ਕੈਨੇਡੀ ਦੇ ਫੈਸਲੇ ਵਿਚਲੀ ਇਹ ਸਤਰ ਪੜ੍ਹੋ – “It is poignant but fundamental that the flag protects those who hold it in contempt.”

ਦੇਸ਼ ਦੀ ਸ਼ਾਨ ਇਖ਼ਲਾਕ ਵਾਲੀ ਲਕੀਰ ਦੀ ਬਰੀਕੀ ਨਾਲ ਜੁੜੀ ਹੁੰਦੀ ਹੈ। ਕੁਝ ਸਿਰ ਮੁਤਾਲਬਾ ਕਰਨ ਤਾਂ ਹਾਕਮ ਝੱਟ ਗੱਲ ਸੁਣੇ, ਇੰਜ ਤੰਤਰ ਨਾਲ ਗਣ ਜੁੜਿਆ ਰਹਿੰਦਾ ਹੈ। ਬਹੁਤ ਸਾਰੇ ਸਿਰ ਜੁੜਨ ਅਤੇ ਹਾਕਮ ਆਪਣੀ ਛੱਡ ਉਨ੍ਹਾਂ ਦੇ ਮਨ ਕੀ ਬਾਤ ਸੁਣੇ ਤਾਂ ਸੰਵਾਦ ਬਣਿਆ ਰਹਿੰਦਾ ਹੈ।

ਲਾਲ ਕਿਲ੍ਹੇ ’ਤੇ ਝੂਲੇ ਜਾਂ ਫਹਿਰਾਏ ਕਿਸੇ ਮਿਹਨਤਕਸ਼ ਕਿਸਾਨ ਦੇ ਕਰਜ਼ੇ ’ਚ ਫਸੇ ਟਰੈਕਟਰ ਉੱਤੇ, ਤਿਰੰਗੇ ਦੀ ਸ਼ਾਨ ਮਿੱਟੀ ’ਚ ਮਿੱਟੀ ਹੁੰਦੇ ਕਿਸਾਨ ਨਾਲ ਜੁੜੀ ਹੋਈ ਹੈ। ਸਿਰ ਵਧ ਵੀ ਸਕਦੇ ਹਨ, ਕਦੀ ਘੱਟ ਵੀ ਸਕਦੇ ਹਨ ਪਰ ਦਲੀਲ ਵੀ ਕਦੀ ਸਿਰਾਂ ਖੁਣੋਂ ਥੁੜ੍ਹੀ ਹੋਈ ਹੈ?

(ਲੇਖਕ ਐੱਸ ਪੀ ਸਿੰਘ ਸੀਨੀਅਰ ਪੱਤਰਕਾਰ ਹੈ ਅਤੇ ਦੇਸ਼ ਕੌਮ ਦੇ ਝੰਡਾਬਰਦਾਰਾਂ ਵਿਚ ਆਪਣਾ ਸ਼ੁਮਾਰ ਕਰਦਾ ਅਰਦਾਸ ਕਰਦਾ ਹੈ ਕਿ ਮਾਣ ਮੱਤੇ ਲੋਕਾਂ ਦੇ ਸਦਾ ਝੂਲਤੇ ਨਿਸ਼ਾਨ ਰਹੇਂ, ਹੋਵੇ ਮੇਰਾ ਗਣਤੰਤਰ ਮਹਾਨ, ਬਣੀ ਰਹੇ ਦੇਸ਼ ਦੀ ਸ਼ਾਨ, ਸੁੱਖ ਮਾਣਨ ਇਹਦੇ ਮਜ਼ਦੂਰ ਕਿਸਾਨ।)

An iteration of this piece published in the Punjabi Tribune can be accessed here.

ਇਹ ਵੀ ਪੜ੍ਹੋ :  ਹਾਕਮ ਖ਼ਿਲਾਫ਼ ਅੰਦੋਲਨ ਦਾ ਵਡੇਰਾ ਮਕਸਦ ਬਿਨ ਆਵਾਮ ਕਾਨੂੰਨਸਾਜ਼ੀ ਵਾਲੇ ਵਰਤਾਰੇ ਦਾ ਮੱਕੂ ਠੱਪਣਾ

_____________________________________
Watch video

ਐੱਸ ਪੀ ਸਿੰਘ

ਐੱਸ ਪੀ ਸਿੰਘ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024