ਪੰਜਾਬ ਦਾ ਕਿਸਾਨ – ਬੱਕਰੇ ਦੀ ਬਲ਼ੀ ਤੇ ਬਲ਼ੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ

ਅਵਤਾਰ ਸਿੰਘ

ਅਵਤਾਰ ਸਿੰਘ

ਪੰਜਾਬ ਵਿੱਚ ਇੱਕੋ ਇੱਕ ਬੱਬਰ ਸ਼ੇਰ ਹੈ, ਜਿਹਦੀਆਂ ਦਹਾੜਾਂ ਜੈਜ਼ੀ, ਗਰੇਵਾਲ, ਗਿੱਪੀ, ਦਲਜੀਤ ਤੇ ਮੂਸੇਵਾਲ਼ੇ ਦੇ ਗਾਣਿਆਂ ‘ਚ ਸੁਣਨ ਨੂੰ ਮਿਲਦੀਆਂ ਹਨ।

ਕਿਸੇ ਦੁਕਾਨਦਾਰ ਦੇ ਘਰੇ ਖੁੱਡ ਵਿੱਚ ਚੂਹਾ ਰਹਿੰਦਾ ਸੀ। ਉਹਨੇ ਦੇਖਿਆ ਕਿ ਦੁਕਾਨਦਾਰ ਸ਼ਹਿਰੋਂ ਆਇਆ ਤੇ ਝੋਲੇ ਵਿੱਚੋਂ ਚੂਹੇ ਫੜਨ ਵਾਲ਼ਾ ਪਿੰਜਰਾ ਕੱਢ ਰਿਹਾ ਹੈ। ਫਿਕਰ ਵਿੱਚ ਉਹਨੇ ਇਹ ਗੱਲ ਰੌਸ਼ਨਦਾਨ ‘ਚ ਰਹਿੰਦੇ ਕਬੂਤਰ ਨੂੰ ਜਾ ਦੱਸੀ। ਉਹਨੇ ਚੂਹੇ ਦਾ ਮਖ਼ੌਲ ਉੜਾਇਆ, ‘ਮੈਨੂੰ ਕੀ, ਮੈਂ ਕਿਹੜਾ ਇਸ ਵਿੱਚ ਫਸਣਾ’।

ਨਿਰਾਸ਼ ਚੂਹਾ ਮੁਰਗੇ ਕੋਲ ਗਿਆ। ਉਹਨੇ ਵੀ ਹੱਸਦਿਆਂ ਕਿਹਾ, ‘ਜਾਹ ਭਰਾਵਾ, ਇਹ ਸਮੱਸਿਆ ਮੇਰੀ ਨਹੀਂ’। ਮਾਯੂਸ ਚੂਹੇ ਨੇ ਵਾੜੇ ‘ਚ ਬੰਨ੍ਹੇ ਬੱਕਰੇ ਨੂੰ ਦੱਸਿਆ। ਖ਼ੁਦ ਨੂੰ ਬੱਬਰ ਸ਼ੇਰ ਮੰਨੀਂ ਬੈਠਾ ਬੱਕਰਾ ਹੱਸ ਹੱਸ ਦੂਹਰਾ ਹੋ ਗਿਆ, ‘ਮੈਂ ਕੀ ਕਰਾਂ, ਮੈਂ ਪਿੰਜਰੇ ਨੂੰ ਕੀ ਸਮਝਦਾਂ। ਮੇਰਾ ਤਾਂ ਪਿੰਜਰੇ ‘ਚ ਖੁਰ ਵੀ ਨਹੀਂ ਫਸਣਾ’!

ਉਸੇ ਰਾਤ ਨੂੰ ਅਚਾਨਕ ਖੜਾਕ ਹੋਇਆ ਤੇ ਪਿੰਜਰੇ ਵਿੱਚ ਕੋਈ ਸੱਪ ਡੱਕਿਆ ਗਿਆ। ਚੂਹਾ ਸਮਝਕੇ, ਦੁਕਾਨਦਾਰ ਦੀ ਘਰਵਾਲ਼ੀ ਉਹਨੂੰ ਬਾਹਰ ਕੱਢਣ ਲੱਗੀ ਤਾਂ ਸੱਪ ਨੇ ਉਹਨੂੰ ਡਸ ਲਿਆ। ਹਕੀਮ ਸੱਦਿਆ ਗਿਆ। ਉਹਨੇ ਕਬੂਤਰ ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ ਤੇ ਅਗਲੇ ਦਿਨ ਕਬੂਤਰ ਪਤੀਲੇ ‘ਚ ਰਿੱਝ ਰਿਹਾ ਸੀ।

ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਖਬਰ ਲੈਣ ਆਏ; ਉਸ ਦਿਨ ਕੁੱਕੜ ਦੀ ਧੌਣ ਮਰੋੜ ਦਿੱਤੀ ਗਈ। ਦੁਕਾਨਦਾਰ ਦੀ ਪਤਨੀ ਨੌਂ ਬਰ ਨੌਂ ਹੋ ਗਈ। ਇਸ ਖੁਸ਼ੀ ਵਿੱਚ ਮਿੱਤਰ ਦੋਸਤ ਤੇ ਰਿਸ਼ਤੇਦਾਰ ਸੱਦੇ ਗਏ ਤੇ ਬੱਬਰ ਸ਼ੇਰ ਬਣੀਂ ਬੈਠਾ ਬੱਕਰਾ ਵੀ ਝਟਕਾਅ ਦਿੱਤਾ ਗਿਆ। ਕਿਸੇ ਦਾ ਸਾਥ ਨਾ ਮਿਲਣ ਕਰਕੇ ਚੂਹਾ ਦੂਰ ਨਿਕਲ਼ ਗਿਆ ਸੀ ਤੇ ਬਚ ਗਿਆ।

ਇਸ ਕਥਾ ਨੂੰ ਹੋਰ ਤਰਾਂ ਵੀ ਸਮਝਿਆ ਜਾ ਸਕਦਾ ਹੈ ਕਿ ਸ਼ਰਾਬ ਦਾ ਧੰਦਾ ਗੈਰਕਾਨੂੰਨੀ ਕਰਾਰ ਦੇਣ ਸਮੇਂ ਕਲਾਲ ਦੇ ਹੱਕ ਵਿੱਚ ਕੋਈ ਨਾ ਨਿੱਤਰਿਆ; ਕਿਸੇ ਨੇ ਉਹਦਾ ਸਾਥ ਨਾ ਦਿੱਤਾ। ਪਤਾ ਨਹੀਂ ਕਿਸ ਹਾਲ ਉਹਨੇ ਆਪਣੇ ਆਪ ਨੂੰ ਸਾਂਭਿਆ ਤੇ ਨਵੇਂ ਕੰਮ ਧੰਦਿਆਂ ਵਿੱਚ ਪਰਵੇਸ਼ ਕੀਤਾ। ਕੋਈ ਮੁਆਵਜਾ ਨਾ ਮਿਲਿਆ; ਕੋਈ ਸਬਸਿਡੀ ਨਾ ਮਿਲ਼ੀ; ਕੁਝ ਮਾਫ ਨਾ ਹੋਇਆ।

ਬਾਟਾ ਨੇ ਮੋਚੀ ਦਾ ਕੰਮ ਚੌਪਟ ਕਰ ਦਿੱਤਾ। ਕਿਸੇ ਨੂੰ ਦਿਖਿਆ ਵੀ ਨਾ ਤੇ ਕਿਸੇ ਨੇ ਖ਼ਬਰ ਵੀ ਨਾ ਲਈ। ਪਿੰਡਾਂ ਦੇ ਪਿੰਡ ਵਿਹਲੇ ਹੋ ਗਏ। ਕਿਸਤਰਾਂ ਉਹਨੇ ਬਾਟਾ ਦਾ ਸਦਮਾਂ ਝੱਲਿਆ; ਉਹੀ ਜਾਣੇ; ਕਿਸੇ ਨੂੰ ਕੀ!

ਜੇ ਸੀ ਟੀ ਆਈ ਤਾਂ ਜੁਲਾਹੇ ਦੀ ਖੱਡੀ ਠੱਪ ਹੋ ਗਈ। ਖੇਸ, ਖੇਸੀਆਂ ਤੇ ਦਰੀਆਂ ਦਾ ਦੌਰ ਖਤਮ ਹੋ ਗਿਆ। ਜੁਲਾਹੇ ਦੀ ਬੁਣਨਕਾਰੀ ਕਿਸੇ ਕੰਮ ਦੀ ਨਾ ਰਹੀ। ਖੱਡੀ ਖੱਡਾ ਬਣ ਗਈ ਤੇ ਸਾਰਾ ਸਮਾਨ ਬਾਲਣ ਬਣ ਗਿਆ। ਕਿਸੇ ਨੇ ਬਾਤ ਨਾ ਪੁੱਛੀ। ਉਹਨੇ ਕਿਵੇਂ ਖ਼ੁਦ ਨੂੰ ਸਾਂਭਿਆ; ਕੀ ਹੀਲਾ ਕੀਤਾ; ਕਿਵੇਂ ਬੱਚੇ ਪਾਲ਼ੇ; ਕਿਸੇ ਨੂੰ ਕੋਈ ਖ਼ਬਰ ਨਾ ਹੋਈ।

ਟ੍ਰੈਕਟਰ, ਟਿਊਬਵੈੱਲ ਤੇ ਕੰਬਾਈਨ ਆਈ ਤਾਂ ਲੁਹਾਰ ਤਰਖਾਣ ਦਾ ਝੁੱਗਾ ਚੌੜ ਹੋ ਗਿਆ ਤੇ ਤਪਦਾ ਅਹਿਰਨ ਸੀਤ ਹੋ ਗਿਆ। ਰੰਬੇ ਚੰਡਣੇ ਬੰਦ ਹੋ ਗਏ। ਦਾਤੀਆਂ ਦੇ ਦੰਦੇ ਭੁੱਲ ਭੁਲਾ ਗਏ। ਗੱਡੇ ਹਲ਼ ਪੰਜਾਲ਼ੀਆਂ ਛਪਨ ਹੋ ਗਈਆਂ। ਖੂਹ ਬੰਦ ਹੋਏ ਤੇ ਹਲ਼ਟਾਂ ਦੇ ਕੁੱਤੇ ਚੁੱਪ ਹੋ ਗਏ। ਲੋਹਾਰ ਦੀ ਲੋੜ ਨਾ ਰਹੀ, ਤਰਖਾਣ ਬੇਰੋਜਗਾਰ ਹੋ ਗਿਆ। ਕਿਸੇ ਦੇ ਦਿਲ ਵਿੱਚ ਰਹਿਮ ਨਾ ਆਇਆ। ਕਿਤੋਂ ਕੋਈ ਮੱਦਦ ਨਾ ਹੋਈ; ਕੋਈ ਨਾ ਬਹੁੜਿਆ; ਸਭ ਨੇ ਆਖਿਆ ‘ਭਾਣਾ ਹੈ, ਨਵਾਂ ਦੌਰ ਹੈ’।

ਅਖਬਾਰੀ ਮੈਟਰੀਮੋਨੀਅਲ ਨੇ ਨਾਈ ਨਿਗਲ ਲਿਆ। ਰੇਡੀਓ, ਟੇਪਾਂ ਤੇ ਟੀਵੀ ਨੇ ਮਰਾਸੀ ਘਰੇ ਬਹਾ ਦਿੱਤੇ। ਫ਼ਰਿੱਜ ਨੇ ਘੜੇ ਖਾ ਲਏ ਤੇ ਘੁਮਾਰ ਗਿਆ ਤੇ ਝੀਰ ਦੀ ਠੰਢੇ ਪਾਣੀ ਦੀ ਮੱਸ਼ਕ ਗਏ ਗੁਜ਼ਰੇ ਜ਼ਮਾਨੇ ਦੀ ਦਾਸਤਾਂ ਬਣ ਗਈ। ਬੱਸ ਆਈ ਤਾਂ ਟਾਂਗੇ ਵਾਲ਼ੇ ਬਾਰੂ ਦਾ ਕੀ ਬਣਿਆਂ — ਧੀਰ ਹੀ ਜਾਣਦਾ ਸੀ, ਕੋਈ ਹੋਰ ਨਹੀਂ।

ਇੱਕ ਇੱਕ ਕਰਕੇ ਸਭ ਉਜੜਦੇ ਗਏ ਤੇ ਆਪਣੇ ਦੰਮ ਖੰਮ ‘ਤੇ ਵੱਸਦੇ ਵੀ ਰਹੇ। ਨਾ ਕਿਸੇ ਨੇ ਹਾਲ-ਪਾਹਰਿਆ ਮਚਾਈ ਨਾ ਪਿੱਟ ਸਿਆਪਾ ਕੀਤਾ। ਨਾ ਧਰਨੇ ਦਿੱਤੇ, ਨਾ ਰੇਲਾਂ ਰੋਕੀਆਂ ਤੇ ਕਿਸੇ ਨੇ ਅਸਤੀਫ਼ਾ ਦਿੱਤਾ।

ਕਿਸੇ ਨੂੰ ਕੋਈ ਮੁਆਵਜ਼ਾ ਨਾ ਮਿਲਿਆ। ਨਾ ਕਿਸੇ ਨੇ ਮੰਗਿਆ ਤੇ ਨਾ ਕਿਸੇ ਨੇ ਦਿੱਤਾ। ਜਿਵੇਂ ਇਨ੍ਹਾਂ ‘ਚੋਂ ਕੋਈ ਵੀ ਧਰਤੀ ਦਾ ਪੁੱਤ ਨਾ ਹੋਵੇ। ਜਿਵੇਂ ਇਹ ਸਾਡੇ ਕੁਝ ਲੱਗਦੇ ਹੀ ਨਾ ਹੋਣ। ਜਿਵੇਂ ਇਨ੍ਹਾਂ ਦਾ ਕੋਈ ਵੀ ਮਹੱਤਵ ਨਾ ਹੋਵੇ — ਮਰ ਗਿਆ ਤਨਵੀਰ ਨਾ ਹੋਈ ਕਿਸੇ ਨੂੰ ਖ਼ਬਰ, ਨਾਲ਼ ਦੇ ਕਮਰੇ ‘ਚ ਓਵੇਂ ਰੇਡੀਓ ਵੱਜਦਾ ਰਿਹਾ।

ਇਨ੍ਹਾਂ ਵਿੱਚੋਂ ਕੋਈ ਨਿਰਾਸ਼ ਨਾ ਹੋਇਆ। ਨਿਰਾਸ਼ ਤਾਂ ਵਿਹਲੜ ਹੁੰਦੇ ਨੇ। ਕਿਸੇ ਨੇ ਕੋਈ ਖੁਦਕੁਸ਼ੀ ਨਾ ਕੀਤੀ। ਖੁਦਕੁਸ਼ੀ ਤਾਂ ਕਾਇਰ ਕਰਦੇ ਹਨ। ਕਿਰਤੀ ਲੋਕ ਹੋਰ ਜੋ ਮਰਜ਼ੀ ਹੋਣ, ਕਾਇਰ ਨਹੀਂ ਹੁੰਦੇ।

ਪੰਜਾਬ ਕਿਰਤੀ ਨੇ ਕੋਈ ਨਾ ਕੋਈ ਆਹਰ ਲੱਭ ਹੀ ਲੈਣਾ ਹੁੰਦਾ ਹੈ। ਵਿਹਲਾ ਰਹਿਣਾ ਕਿਰਤੀ ਦੀ ਪ੍ਰਕਿਰਤੀ ਨਹੀਂ ਹੁੰਦੀ। ਸਾਰੇ ਕਿਰਤੀ ਕਿਤੇ ਨਾ ਕਿਤੇ ਆਪਣੇ ਬਲਬੂਤੇ ਆਹਰੇ ਲੱਗੇ ਹੋਏ ਹਨ। ਬੱਚੇ ਪਾਲਦੇ ਹਨ ਤੇ ਖ਼ੁਦ ਨੂੰ ਸੰਭਾਲ਼ਦੇ ਹਨ।

ਪੰਜਾਬ ਵਿੱਚ ਇੱਕੋ ਇੱਕ ਬੱਬਰ ਸ਼ੇਰ ਹੈ, ਜਿਹਦੀਆਂ ਦਹਾੜਾਂ ਜੈਜ਼ੀ, ਗਰੇਵਾਲ, ਗਿੱਪੀ, ਦਲਜੀਤ ਤੇ ਮੂਸੇਵਾਲ਼ੇ ਦੇ ਗਾਣਿਆਂ ‘ਚ ਸੁਣਨ ਨੂੰ ਮਿਲਦੀਆਂ ਹਨ। ਇਹ ਬੱਬਰ ਸ਼ੇਰ ਨਿਰਾ ਢਿੱਡ ਹੈ, ਜੋ ਕਦੇ ਰੱਜਦਾ ਹੀ ਨਹੀਂ ਤੇ ਸਦਾ ਮੰਗਦਾ ਹੀ ਰਹਿੰਦਾ ਹੈ।

ਮੀਂਹ ਨਾ ਪਵੇ ਤਾਂ ਮੁਆਵਜ਼ਾ; ਚਾਰ ਕਣੀਆਂ ਵੱਧ ਪੈ ਜਾਣ ਤਾਂ ਮੁਆਵਜਾ; ਸੁੰਡੀ ਲੱਗ ਗਈ ਤਾਂ ਮੁਆਵਜ਼ਾ; ਝਾੜ ਘਟ ਗਿਆ ਤਾਂ ਮੁਆਵਜਾ; ਹਨੇਰੀ ਆ ਗਈ ਤਾਂ ਮੁਆਵਜਾ; ਗੜ੍ਹੇ ਪੈ ਗਏ ਤਾਂ ਮੁਆਵਜਾ। ਬਿਜਲੀ ਮੁਫ਼ਤ, ਪਾਣੀ ਮੁਫ਼ਤ ਤੇ ਕਰਜ਼ੇ ਮਾਫ; ਤਾਂ ਵੀ ਮੁਆਵਜ਼ਾ।

ਇਹ ਕੇਹਾ ਬੱਬਰ ਸ਼ੇਰ ਹੈ, ਜੋ ਗਾਣਿਆਂ ‘ਚ ਬੁੱਭਾਂ ਮਾਰਦਾ ਹੈ ਤੇ ਅਖਬਾਰਾਂ ’ਚ ਭੁੱਬਾਂ ਮਾਰਦਾ ਹੈ — ਲੁੱਟ ਲਏ ਉਇ ਮਾਰ ਲਏ ਉਇ! ਇਹ ਬੁੱਭ ਤੇ ਭੁੱਬ ਦੀ ਖੇਡ-ਚਾਲ ਜਾਂ ਭੇਡ-ਚਾਲ ਹੁਣ ਸਭ ਨੂੰ ਸਮਝ ਆ ਚੁੱਕੀ ਹੈ। ਜੈਸੀ ਕਰਨੀ ਵੈਸੀ ਭਰਨੀ ਦਾ ਅਸੂਲ ਜੱਗ ਜ਼ਾਹਿਰ ਹੈ।

ਬੱਕਰੇ ਨੇ ਕੁਲਕੀ ਨਸ਼ੇ ਵਿੱਚ ਕਿਸੇ ਲਈ ਵੀ ਕਦੀ ਹਾਅ ਦਾ ਨਾਰਾ ਨਹੀਂ ਸੀ ਮਾਰਿਆ। ਉਹ ਬੜਾ ਖੁਸ਼ ਸੀ ਕਿ ਹੁਣ ਸੁੰਨੀਆਂ ਗਲ਼ੀਆਂ ਵਿੱਚ ਮਿਰਜ਼ਾ ਯਾਰ ਹੀ ਬੁੱਕਿਆ ਅਤੇ ਥੁੱਕਿਆ ਕਰੇਗਾ।

ਪਰ, ਬਾਕੀ ਸਾਰੇ ਉੱਜੜ ਉੱਜੜ ਕੇ ਵਸ ਰਸ ਚੁੱਕੇ ਹਨ। ਜਮੀਨਦੋਜ ਪਾਣੀ ਮੁੱਕਣ ਕਿਨਾਰੇ ਹੈ। ਡਰ ਹੈ ਕਿ ਹੁਣ ਇਸ ਬੱਬਰ ਸ਼ੇਰ ਨਾਲ਼ ਬੱਕਰੇ ਵਾਲ਼ੀ ਗੱਲ ਨਾ ਹੋਵੇ; ਰੱਬ ਭਲੀ ਕਰੇ!

ਸੋਚਣ ਵਾਲ਼ੀ ਗੱਲ ਹੈ। ਕਿਸਾਨ ਧਰਤੀ ਦਾ ਪੁੱਤ ਹੁੰਦਾ ਹੈ, ਪਤੀ ਨਹੀਂ। ਪੁੱਤ ਦਾ ਫਰਜ ਹੈ ਆਪਣੀ ਮਾਂ ਨੂੰ ਸੰਭਾਲ਼ੇ; ਨਾ ਗਾਲ਼ੇ, ਨਾ ਉਜਾੜੇ ਤੇ ਨਾ ਬੰਜਰ ਬਣਾਵੇ। ਪਰ ਉਹਨੇ ਇਹ ਸਭ ਕੁਝ ਕੀਤਾ। ਧਰਤੀ ਦਾ ਪੁੱਤ ਧਰਤੀ ਮਾਂ ਦੇ ਗਰਭ ਵਿੱਚ ਝੋਨੇ ਦੇ ਜਹਿਰੀਲੇ ਪਾਣੀ ਦੇ ਸੂਟੇ ਮਰਾਉਣ ਲੱਗ ਪਿਆ। ਸ਼ਾਇਦ ਉਹਦਾ ਇਹ ਆਖਰੀ ਉਪੱਦਰ ਹੋਵੇ। ਵਾਹਿਗੁਰੂ ਬਖ਼ਸ਼ ਲਵੇ!

ਪੰਜਾਬੀ ਕਿਸਾਨ ਦੇ ਸਿਰ ‘ਤੇ ਕੁਲਕ ਪਲ਼ਦੇ ਆਏ ਹਨ ਤੇ ਲਗਾਤਾਰ ਪੰਜਾਬ ‘ਤੇ ਰਾਜ ਕਰਦੇ ਹਨ। ਉਹ ਕਿਸਾਨ ਨੂੰ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਭਰਮ ਪਾਈ ਰੱਖਦੇ ਹਨ। ਕਿਸਾਨ ਵਿਚਾਰਾ ਕੁਲਕ ਹੋਣ ਦੇ ਸੁਪਨੇ ਦੇਖਦਾ ਦੇਖਦਾ ਕੁਰਕ ਹੋ ਜਾਂਦਾ ਹੈ ਤੇ ਖ਼ੁਦਕੁਸ਼ੀ ਤੱਕ ਨੌਬਤ ਪੁੱਜ ਜਾਂਦੀ ਹੈ। ਜੇ ਪੰਜਾਬ ਨੇ ਬਚਣਾ ਹੈ ਤਾਂ ਅੱਜ ਕੁਲਕ ਤੇ ਕਿਸਾਨ ਵਿਚਲਾ ਅੰਤਰ ਸਮਝਣਾ ਜਰੂਰੀ ਹੈ; ਨਹੀਂ ਤਾਂ ਕਹਾਣੀ ਬੜੀ ਦੂਰ ਨਿਕਲ ਚੁੱਕੀ ਹੈੱ।

ਹੁਣ ਕੁਲਕਾਂ ਦਾ ਕੁਲਕ, ਮਹਾਂ ਕੁਲਕ ਪੈਦਾ ਹੋ ਚੁੱਕਿਆ ਹੈ, ਜਿਹਦੀ ਨਜ਼ਰ ਪੰਜਾਬ ਦੀ ਜ਼ਮੀਨ ‘ਤੇ ਹੈ। ਮਹਾਂ ਕੁਲਕ ਕਾਹਦਾ, ਮਹਾਂਕਾਲ ਹੀ ਸਮਝੋ। ਉਹ ਜਿਸ ਚੀਜ ਨੂੰ ਵੀ ਦੇਖਦਾ ਹੈ, ਫ਼ਨਾਹ ਕਰ ਸੁੱਟਦਾ ਹੈ। ਟੂ ਜੀ, ਥ੍ਰੀ ਜੀ, ਫੋਰ ਜੀ; ਜੀ ਜੀ ਕਰਕੇ ਉਹਨੇ ਦੁਨੀਆਂ ਮੁੱਠੀ ਵਿੱਚ ਕਰ ਲਈ ਹੈ। ਕਹਿਣ ਨੂੰ ਸਾਨੂੰ ਕਹਿੰਦਾ ਹੈ ‘ਕਰ ਲਉ ਦੁਨੀਆਂ ਮੁੱਠੀ ਮੇਂ’। ਮੁੱਠੀ ਵਿੱਚ ਦੁਨੀਆਂ ਕਰਦੇ ਕਰਦੇ ਅਸੀਂ ਉਹਦੀ ਮੁੱਠੀ ‘ਚ ਕੈਦ ਹੋ ਗਏ ਹਾਂ।

ਦੁਨੀਆਂ ਨੂੰ ਮੁੱਠੀ ਵਿੱਚ ਬੰਦ ਕਰਨ ਵਾਲਾ ਹੀ ਅਸਲ ਕੁਲਕ, ਮਹਾਂ ਕੁਲਕ ਜਾਂ ਮਹਾਂਕਾਲ ਹੁੰਦਾ ਹੈ। ਗਲਤੀ ਨਾਲ਼, ਖੁਦ ਨੂੰ ਕੁਲਕ ਸਮਝਣ ਵਾਲੇ, ਕਿਸਾਨ ਭਾਈਆਂ ਦੀ ਮੁੱਠੀ ਵਿੱਚ ਸਿਰਫ ਰੇਤ ਸੀ, ਜੋ ਕਿਰ ਚੁੱਕੀ ਹੈ। ਖਾਲੀ ਹੱਥ ਜਨਾਜ਼ਾ ਸਭ ਦੇ ਸਾਹਮਣੇ ਹੈ — ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ।

ਸੱਚ ਇਹ ਹੈ ਕਿ ਕਿਰਤੀ ਰਹਿਣਗੇ ਤੇ ਕੁਲਕ ਤੁਰ ਜਾਣਗੇ। ਆਉ ਆਪਾਂ ਕੁਲਕਾਂ ਦੀ ਸੂਚੀ ਵਿੱਚੋਂ ਖ਼ਾਰਜ ਹੋਈਏ, ਕਿਰਤੀਆਂ ਵਿੱਚ ਸ਼ਾਮਲ ਹੋਈਏ ਤੇ ਭੁੱਲ ਚੁੱਕੇ ਭਾਈਆਂ ਤੋਂ ਭੁੱਲਚੁਕ ਦੀ ਮਾਫੀ ਮੰਗੀਏ। ਬਲ਼ੀ ਦੇ ਬੱਕਰੇ ਬਣਨ ਨਾਲ਼ੋਂ ਇਹੀ ਬਿਹਤਰ ਹੈ ਕਿ ਭਰਾਵਾਂ ਨਾਲ ਮੁੜ ਸਾਂਝ ਪਾਈਏ — ਫਿਰ ਇਆ ਅਉਸਰ ਚਰੈ ਨਾ ਹਾਥਾ।।

ਜਰਮਨ ਪਾਦਰੀ ਮਾਰੇਨ ਨੀਮਲੌਰ ਨੇ ਇੰਕਸ਼ਾਫ ਕੀਤਾ ਸੀ, ਜਿਹਦਾ ਕਾਵਿਕ ਅਨੁਵਾਦ ਕਈ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਪੰਜਾਬ ਦੇ ਇਤਿਹਾਸ ਨੇ ਉਹ ਅਨੁਵਾਦ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਵਿੱਚ ਉਹਦਾ ਅਨੁਵਾਦ ਹੋਣਾ ਬਾਕੀ ਹੈ, ਜੋ ਇਸਤਰਾਂ ਦਾ ਹੋ ਸਕਦਾ ਹੈ:

ਪਹਿਲਾਂ ਉਂਨ੍ਹਾਂ ਕਲਾਲ ਕੁੱਟਿਆ,
ਮੈਂ ਮੁਸ਼ਕੜੀਏਂ ਹੱਸਿਆ।
ਫਿਰ ਉਨ੍ਹਾਂ ਮੋਚੀ ਚੁੱਕਿਆ
ਮੈਂ ਮਸਾਂ ਹਾਸਾ ਘੁੱਟਿਆ
ਫਿਰ ਲਾਇਆ ਜੁਲਾਹੇ ਨੂੰ ਫਾਹਾ,
ਮੈਂ ਹੱਸ ਕੇ ਕਿਹਾ, ਆਹਾ!
ਫਿਰ ਉਨ੍ਹਾਂ ਘੁਮਾਰ ਘੇਰਿਆ
ਮੈਂ ਪਰੇ ਨੂੰ ਮੂੰਹ ਫੇਰਿਆ।
ਫਿਰ ਆਈ ਦਰਜੀ ਦੀ ਵਾਰੀ
ਮੈਂ ਬਿਲਕੁਲ ਚੁੱਪ ਧਾਰੀ।
ਫਿਰ ਉਨ੍ਹਾਂ ਨਾਈ ਨੂੜਿਆ,
ਮੈਂ ਫਿਰ ਵੀ ਨਾ ਘੂਰਿਆ।
ਫਿਰ ਉਨ੍ਹਾਂ ਝੀਰ ਝਾੜਿਆ,
ਮੈਂ ਰਤਾ ਵੀ ਨਾ ਤਾੜਿਆ।
ਆਈ ਤਰਖਾਣ ਦੀ ਵਾਰੀ,
ਮੇਰੇ ਫਿਰ ਨਾ ਫਿਰੀ ਆਰੀ।
ਉਨ੍ਹਾਂ ਲੁਹਾਰ ਲੂਹ ਸੁੱਟਿਆ
ਮੇਰਾ ਦੰਮ ਵੀ ਨਾ ਘੁੱਟਿਆ।
ਅਖੀਰ ਆਇਆ ਮੇਰਾ ਨੰਬਰ,
ਮੈਂ ਸਾਰੇ ਪੰਜਾਬ ਦਾ ਲੰਬੜ।
ਮੈਂ ਬੜਾ ਮੂੰਹ ਘੁਮਾਇਆ,
ਕੋਈ ਨਜ਼ਰ ਹੀ ਨਾ ਆਇਆ।
ਕੋਈ ਆਓ! ਕੋਈ ਬਚਾਓ!
ਆਓ! ਬਚਾਓ!

ਜੇ ਹਾਲੇ ਵੀ ਕਿਸੇ ਨੂੰ ਗੱਲ ਨਾ ਸਮਝ ਆਈ ਹੋਵੇ ਤਾਂ, ਪੰਜਾਬੀ ਅਤੇ ਪੰਜਾਬ ਦੇ ਅਜੀਮ ਰਸਾਲੇ ‘ਹੁਣ’ ਦੇ ਜਨਵਰੀ-ਅਪ੍ਰੈਲ, 2006 ਅੰਕ ਵਿੱਚ ਛਪੇ, ਪੰਜਾਬੀ ਅਤੇ ਪੰਜਾਬ ਦੇ ਜਲਾਵਤਨੀ ਜਹੇ ਹੁੰਦੜਹੇਲ ਅਤੇ ਜ਼ਿੰਦਾਦਿਲ ਕਵੀ, ਸਤੀ ਕੁਮਾਰ ਦੇ ਟੋਟਕੇ ਰਾਹੀਂ ਸਮਝ ਸਕਦੇ ਹਾਂ। ਉਹਨੇ ਦੱਸਿਆ:

ਮੇਰਾ ਮਾਮਾ ਹੁੰਦਾ ਸੀ। ਉਹਨੇ ਸ਼ਰਾਬ ਪੀ ਕੇ ਰਾਮਪੁਰੇ ਮੰਡੀ ਦੀਆਂ ਗਲ਼ੀਆਂ ਚ ਲੰਡਰ ਫਿਰਦੇ ਢੱਠੇ ਨਾਲ਼ ਲੜਨ ਲੱਗ ਪੈਣਾ। ਉਹਦੀ ਖ਼ੁਸ਼ਕਿਸਮਤੀ ਕਿ ਢੱਠਾ ਸ਼ਰੀਫ਼ ਸੀ। ਉਹਨੂੰ ਕੁਝ ਨਾ ਕਹਿੰਦਾ। ਖੜ੍ਹਾ ਜੁਗਾਲ਼ੀ ਕਰਦਾ ਰਹਿੰਦਾ ਤੇ ਉਹਦੀਆਂ ਗਾਲ੍ਹਾਂ ਸੁਣਦਾ ਰਹਿੰਦਾ। ਗਲ਼ੀ ਦੀਆਂ ਔਰਤਾਂ ਨੇ ਉਸ ਢੱਠੇ ਦਾ ਨਾਉਂ ਨੰਦੀ ਮਾਹਰਾਜ ਪਾਇਆ ਹੋਇਆ ਸੀ ਤੇ ਉਹਨੂੰ ਰੋਜ਼ ਆਟੇ ਦੇ ਪੇੜੇ ਖੁਆਂਦੀਆਂ। ਸ਼ਿਵਾਂ ਦੀ ਸਵਾਰੀ ਜੁ ਸੀ। ਸ਼ਰਾਬ ਪੀ ਕੇ ਮੇਰੇ ਪਿਤਾ ਤੋਂ ਡਰਦਾ ਮਾਮਾ ਸਾਡੇ ਘਰ ਨਹੀਂ ਸੀ ਆਉਂਦਾ। ਨਿਰਣੇ ਕਾਲ਼ਜੇ ਕਿਸੇ ਦਿਨ ਸਾਡੇ ਘਰ ਆਉਂਦਾ, ਤਾਂ ਮੈਂ ਉਹਦੇ ਨਾਲ਼ ਖੇਡਿਆ ਕਰਦਾ ਸੀ।

ਇਕ ਦਿਨ ਮੇਰੇ ਮਾਮੇ ਨੂੰ ਕੁਝ ਜ਼ਿਆਦਾ ਹੀ ਚੜ੍ਹ ਗਈ। ਕੁਝ ਦੇਰ ਬੋਤਲ ਹੱਥ ‘ਚ ਫੜੀ ਉਹ ਢੱਠੇ ਨੂੰ ਗਾਲ੍ਹਾਂ ਕੱਢਦਾ ਰਿਹਾ। ਢੱਠਾ ਹਮੇਸ਼ਾ ਵਾਂਗ ਸ਼ਾਂਤ ਖੜ੍ਹਾ ਉਹਨੂੰ ਵੇਖਦਾ ਰਿਹਾ। ਮਾਮੇ ਨੂੰ ਹੋਰ ਹਰਖ ਆ ਗਿਆ। ਉਹਨੇ ਢੱਠੇ ਦੀ ਪਿੱਠ ‘ਤੇ ਖ਼ਾਲੀ ਬੋਤਲ ਵਗਾਹ ਮਾਰੀ। ਢੱਠਾ ਫਿਰ ਵੀ ਸ਼ਾਂਤ ਰਿਹਾ। ਫਿਰ ਮਾਮੇ ਨੇ ਕੁੜਤਾ ਲਾਹ ਕੇ ਪਰ੍ਹਾਂ ਸੁੱਟ ਦਿਤਾ ਤੇ ਆਪੇ ਤੋਂ ਬਾਹਰ ਹੋ ਕੇ ਉਹਨੇ ਢੱਠੇ ਨੂੰ ਸਿੰਗਾਂ ਤੋਂ ਜਾ ਫੜਿਆ। ਉਹ ਢੱਠੇ ਨੂੰ ਢਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਢੱਠੇ ਦਾ ਸਬਰ ਟੁੱਟ ਗਿਆ। ਨੰਦੀ ਮਾਹਰਾਜ ਨੇ ਹੌਲ਼ੇ ਫੁੱਲ ਵਾਂਗ ਮਾਮੇ ਨੂੰ ਸਿੰਗਾਂ `ਤੇ ਚੁੱਕ ਕੇ ਆਕਾਸ਼ ਵੱਲ ਵਗਾਹ ਮਾਰਿਆ। ਮਾਮਾ ਉਸ ਦਿਨ ਆਕਾਸ਼ ਤੋਂ ਧਰਤੀ `ਤੇ ਡਿਗਾ ਤੇ ਮਰ ਗਿਆ।

ਬੁੱਭ ਤੇ ਭੁੱਬ ਬੇਸ਼ੱਕ ਸਮਾਨਾਰਥੀ ਸ਼ਬਦ ਨਹੀਂ ਹਨ। ਪਰ ਇਹ ਦੋਵੇਂ ਸ਼ਬਦ ਇੱਕ ਦੂਸਰੇ ਨਾਲ਼ ਇਸ ਕਦਰ ਜੁੜੇ ਹੋਏ ਹਨ ਕਿ ਜੇ ਅਸੀਂ ਸੁਹਿਰਦਤਾ ਅਤੇ ਸਹਿਰਦਤਾ ਦਾ ਪੱਲਾ ਨਾ ਫੜੀਏ ਤਾਂ ਬੱਬੇ ਭੱਬੇ ਇੱਕ ਦੂਸਰੇ ਨਾਲ਼ ਸਥਾਨ ਬਦਲ ਲੈਂਦੇ ਹਨ ਅਰਥਾਤ ਬੁੱਭ ਸਾਨੂੰ ਭੁੱਬ ਵੱਲ੍ਹ ਤੋਰ ਦਿੰਦੀ ਹੈ। ਜੇ ਅਸੀਂ ਭੁੱਬ ਤੋਂ ਬਚਣਾ ਚਾਹੁੰਦੇ ਹਾਂ ਤਾਂ ਬੁੱਭ ਤੋਂ ਪਰਹੇਜ਼ ਕਰਨ ਦੀ ਸਖ਼ਤ ਜਰੂਰਤ ਹੈ।

ਹੁਣ ਵੇਲਾ ਲੰਘ ਚੁੱਕਿਆ ਹੈ। ਹੁਣ ਲੜਨ ਦਾ ਨਹੀਂ, ਦੀਰਘ ਵਿਚਾਰ ਕਰਨ ਦਾ ਸਮਾਂ ਹੈ। ਕਿਉਂਕਿ ਸਿਆਣੇ ਲੋਕ ਪਹਿਲਾਂ ਲੜਦੇ ਹਨ ਤੇ ਮੂਰਖ ਬਾਦ ਵਿੱਚ।

 

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2020